ਮੀਰ ਮੰਨੂੰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੀਰ ਮੰਨੂੰ : ਸਿੱਖ ਇਤਿਹਾਸ ਵਿਚ ਜ਼ਾਲਮ ਹਾਕਮ ਵਜੋਂ ਪ੍ਰਸਿੱਧ ਮੀਰ ਮੰਨੂੰ ਦਾ ਪੂਰਾ ਨਾਂ ਮੁਈਨੁਦੀਨ ਸੀ ਜਿਸ ਨੇ ਮਗਰੋਂ ਆਪਣੀਆਂ ਪ੍ਰਾਪਤੀਆਂ ਸਦਕਾ ਸ਼ਾਹੀ ਦਰਬਾਰ ਪਾਸੋਂ ਮੁਇਯਨ-ਉਲ-ਮੁਲਕ ਦੀ ਉਪਾਧੀ ਹਾਸਲ ਕੀਤੀ। ਇਸ ਦਾ ਪਿਤਾ ਨਵਾਬ ਕਮਰੁਦੀਨ ਮੁਗ਼ਲ ਦਰਬਾਰ ਵਿਚ ਵਜ਼ੀਰ ਸੀ ਜਿਸ ਦੀ ਕਮਾਨ ਹੇਠ ਦੋ ਲੱਖ ਫ਼ੌਜ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੂੰ ਰੋਕਣ ਲਈ ਭੇਜੀ ਗਈ। 11 ਮਾਰਚ, 1748 ਨੂੰ ਦੋਹਾਂ (ਮੁਗ਼ਲ ਅਤੇ ਅਫ਼ਗਾਨ) ਫ਼ੌਜਾਂ ਵਿਚ ਜ਼ੋਰਦਾਰ ਲੜਾਈ ਹੋਈ ਜਿਸ ਵਿਚ ਕਮਰੁਦੀਨ ਨੂੰ ਤੋਪ ਦਾ ਗੋਲਾ ਲੱਗਾ ਅਤੇ ਜ਼ਖ਼ਮੀ ਹਾਲਤ ਵਿਚ ਉਸ ਨੇ ਆਪਣੀ ਫ਼ੌਜ ਦੀ ਕਮਾਨ ਆਪਣੇ ਪੁੱਤਰ ਮੁਈਨੁਦੀਨ ਨੂੰ ਸੌਂਪੀ ਜਿਸ ਨੇ ਲੜਾਈ ਵਿਚ ਅਫ਼ਗਾਨਾਂ ਉੱਤੇ ਫਤਹਿ ਹਾਸਲ ਕੀਤੀ ਅਤੇ 13 ਅਪ੍ਰੈਲ, 1748 ਨੂੰ ਲਾਹੌਰ ਦਾ ਸੂਬੇਦਾਰ ਬਣ ਗਿਆ।

ਜਦੋਂ ਅਫ਼ਗਾਨ ਬਾਦਸ਼ਾਹ ਅਹਿਮਦਸ਼ਾਹ ਦੇ ਰਾਜ ਦਾ ਆਰੰਭਕ ਸਮਾਂ ਸੀ ਉਦੋਂ ਪੰਜਾਬ ਅੰਦਰ ਅਮਨ ਤੇ ਖੁਸ਼ਹਾਲੀ ਸੀ। ਮੁਈਨੁਦੀਨ ਨੇ ਸੂਬੇਦਾਰ ਬਣਨ ਉਪਰੰਤ ਕੌੜਾ ਮੱਲ ਨੂੰ ਆਪਣਾ ਜੁਡੀਸ਼ਲ ਦੀਵਾਨ ਤੇ ਡਿਪਟੀ ਬਣਾਇਆ ਅਤੇ ਤਜਰਬੇਕਾਰ ਅਦੀਨਾ ਬੇਗ ਖ਼ਾਨ ਦੀ ਜਲੰਧਰ ਦੁਆਬੇ ਵਿਖੇ ਮੁਲਾਜ਼ਮਤ ਵੀ ਜਾਰੀ ਰੱਖੀ। ਇਸ ਸਮੇਂ ਸਿੱਖ ਲਹਿਰ ਬੜੇ ਜ਼ੋਰਾਂ ਤੇ ਸੀ ਜਦ ਕਿ ਸਾਰੇ ਰਾਜ ਦਾ ਧਿਆਨ ਅਹਿਮਦ ਸ਼ਾਹ ਅਬਦਾਲੀ ਵੱਲ ਲੱਗਿਆ ਹੋਇਆ ਸੀ। ਸਿੱਖ ਇਹੋ ਜਿਹੇ ਸਮੇਂ ਦੀ ਤਾੜ ਵਿਚ ਸਨ। ਇਨ੍ਹਾਂ ਨੇ ਆਪਣੀ ਸ਼ਕਤੀ ਵਿਚ ਕਾਫ਼ੀ ਵਾਧਾ ਕਰ ਲਿਆ ਅਤੇ ਸਰਕਾਰੀ ਇਲਾਕਿਆਂ ਉੱਤੇ ਛਾਪੇ ਮਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਆਪਣੀ ਉੱਦਮ ਨਾਲ ਬਿਨਾਂ ਕਿਸੇ ਕਾਰੀਗਰ ਦੇ ਇਕ ਕਿਲਾ ਵੀ ਉਸਾਰ ਲਿਆ ਜਿਸ ਦਾ ਨਾਂ ਰਾਮਰਾਉਣੀ ਰੱਖਿਆ। ਇਸ ਕਿਲ੍ਹੇ ਵਿਚ 500 ਆਦਮੀਆਂ ਦੇ ਰਹਿਣ ਦਾ ਪ੍ਰਬੰਧ ਸੀ। ਇਹੋ ਕਿਲ੍ਹਾ ਬਾਅਦ ਵਿਚ ਅੰਮ੍ਰਿਤਸਰ ਦੇ ਪਾਸ ਰਾਮਗੜ੍ਹ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੇ ਬਹੁਤ ਸਾਰੀ ਤਾਕਤ ਇਕੱਠੀ ਕਰਕੇ ਨਵੀਂ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ।

ਮੀਰ ਮੰਨੂੰ ਨੇ ਪੰਜਾਬ ਵਿਚ ਆਪਣੇ ਪੈਰ ਪੱਕੀ ਤਰ੍ਹਾਂ ਜਮਾਉਣ ਮਗਰੋਂ ਸਿੱਖਾਂ ਨੂੰ ਕਰੜੀ ਸਜ਼ਾ ਦੇਣ ਦੇ ਢੰਗ ਸੋਚਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਇਸਨੇ ਰਾਮਰਾਉਣੀ ਦੇ ਕਿਲੇ ਉਤੇ ਹਮਲਾ ਕੀਤਾ। ਚਾਰ ਮਹੀਨੇ ਕਿਲੇ ਦੁਆਲੇ ਘੇਰਾ ਪਾਈ ਰੱਖਿਆ। ਜੱਸਾ ਸਿੰਘ ਰਾਮਗੜ੍ਹੀਆ ਨੇ ਦੀਵਾਨ ਕੌੜਾ ਮੱਲ ਨੂੰ ਬੇਨਤੀ ਕੀਤੀ ਕਿ ਉਹ ਸਿੱਖਾਂ ਨੂੰ ਇਸ ਘੇਰੇ ਤੋਂ ਬਚਾਏ। ਮੀਰ ਮੰਨੂੰ ਨੇ ਕੌੜਾ ਮੱਲ ਦੇ ਕਹਿਣ ਤੇ ਸਿੱਖਾਂ ਨਾਲ ਮਿੱਤਰਤਾ ਕਰ ਲਈ। ਗੁਰੂ ਚੱਕ ਦੇ ਬਾਰਾਂ ਪਿੰਡਾਂ ਦਾ ਜ਼ਬਤ ਕੀਤਾ ਮਾਲੀਆ ਸਿੱਖਾਂ ਲਈ ਮੁੜ ਬਹਾਲ ਕੀਤਾ ਗਿਆ। ਇੰਜ ਕੁਝ ਸਮੇਂ ਲਈ ਮੀਰ ਮੰਨੂੰ ਅਤੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੀ ਬੜੀ ਸਖ਼ਤੀ ਨਾਲ ਪਾਲਣਾ ਕੀਤੀ ਗਈ। ਇਸ ਤਰ੍ਹਾਂ ਸਿੱਖਾਂ ਦੀ ਵਧਦੀ ਤਾਕਤ ਨੂੰ ਰੋਕ ਲੱਗੀ। ਗੁਰੂ ਦਾ ਨਾਂ ਲੈਣ ਵਾਲੇ ਫਿਰ ਜੰਗਲਾਂ ਵਿਚ ਲੁਕ ਛਿਪ ਕੇ ਗੁਜ਼ਾਰਾ ਕਰਨ ਲੱਗੇ। ਮੀਰ ਮੰਨੂੰ ਨੇ ਪਹਾੜੀ ਰਾਜਿਆਂ ਨੂੰ ਵੀ ਹੁਕਮ ਦੇ ਦਿੱਤਾ ਕਿ ਉਹ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦੇਣ। ਇਸ ਹੁਕਮ ਦੀ ਪਾਲਣਾ ਕਰਨ ਤੇ ਸਿੱਖ ਸੈਂਕੜਿਆਂ ਦੀ ਗਿਣਤੀ ਵਿਚ ਪਕੜੇ ਗਏ ਅਤੇ ਲਾਹੌਰ ਭੇਜ ਦਿੱਤੇ ਗਏ। ਲਾਹੌਰ ਆਉਣ ਵਾਲੇ ਸਿੱਖਾਂ ਨੂੰ ਸ਼ਹੀਦ ਗੰਜ ਦੇ ਅਸਥਾਨ ਉੱਤੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਸਿੱਖਾਂ ਦਾ ਜਾਨੀ ਦੁਸ਼ਮਣ ਸੀ। ਇਸ ਨੇ ਇਹ ਪ੍ਰਣ ਕੀਤਾ ਹੋਇਆ ਸੀ ਕਿ ਇਹ ਸਿੱਖ ਕੌਮ ਨੂੰ ਖ਼ਤਮ ਕਰਕੇ ਹੀ ਦਮ ਲਵੇਗਾ ਪਰ ਇਸ ਦੇ ਵਜ਼ੀਰ ਕੌੜਾ ਮੱਲ ਦੀਵਾਨ ਨੇ ਜੋ ਆਪ ਵੀ ਇਕ ਸਿੱਖ ਸੀ ਇਸ ਦਾ ਇਰਾਦਾ ਬਦਲ ਦਿੱਤਾ। ਇਸ ਦੇ ਨਾਲ ਹੀ ਜਲੰਧਰ ਦੇ ਗਵਰਨਰ ਅਦੀਨਾ ਬੇਗ਼ ਦਾ ਵੀ ਇਹ ਹੀ ਯਤਨ ਸੀ ਕਿ ਸਿੱਖਾਂ ਨਾਲ ਸੁਲਾਹ ਕੀਤੀ ਜਾਵੇ ਕਿਉਂਕਿ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਤਾੜ ਗਿਆ ਸੀ ਕਿ ਇਸ ਬਹਾਦਰ ਕੌਮ ਰਾਹੀਂ ਉਹ ਆਪਣੇ ਇਰਾਦੇ ਵਿਚ ਸਫ਼ਲ ਹੋ ਸਕਦਾ ਸੀ। ਇਸ ਲਈ ਉਹ ਹਮੇਸ਼ਾ ਅਜਿਹੇ ਯਤਨ ਕਰਦਾ ਕਿ ਸਿੱਖਾਂ ਦਾ ਪ੍ਰਭਾਵ ਖਤਮ ਨਾ ਹੋਵੇ। ਉਨ੍ਹਾਂ ਦੇ ਹਮਲਿਆਂ ਨੂੰ ਉਹ ਇਸ ਹੱਦ ਤਕ ਦਬਾਉਂਦਾ ਜਿਸ ਨਾਲ ਉਨ੍ਹਾਂ ਦੀ ਅੰਦਰੂਨੀ ਤਾਕਤ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਇਸ ਸਮੇਂ ਤਕ ਅਹਿਮਦ ਸ਼ਾਹ ਅਬਦਾਲੀ ਸਿੰਧ ਪਾਰ ਕਰ ਕੇ ਹਿੰਦੁਸਤਾਨ ਪਹੁੰਚ ਚੁੱਕਿਆ ਸੀ। ਜਦੋਂ ਉਹ ਪਹਿਲਾਂ ਨਾਦਰਸ਼ਾਹ ਨਾਲ ਆਇਆ ਸੀ ਤਾਂ ਇਥੋਂ ਦੀ ਹੀਰੇ ਜਵਾਹਰਾਤ ਤੇ ਸੋਨਾ ਚਾਂਦੀ ਵੇਖ ਕੇ ਆਪਣੀ ਕਬਜ਼ਾ ਜਮਾਉਣ ਦੀ ਇੱਛਾ ਨੂੰ ਨਾਲ ਹੀ ਲੈ ਗਿਆ। ਇਸ ਇਰਾਦੇ ਨੂੰ ਪੂਰਾ ਕਰ ਲਈ ਉਸ ਨੇ 1748 ਈ. ਵਿਚ ਇਕ ਵੱਡੀ ਫ਼ੌਜ ਲੈ ਕੇ ਪੰਜਾਬ ਉੱਤੇ ਹਮਲਾ ਕੀਤਾ। ਮੀਰ ਮੰਨੂੰ ਨੇ ਰਾਜ ਸੰਭਾਲਣ ਤੋਂ ਬਾਅਦ ਪੰਜਾਬ ਵਿਚ ਸ਼ਾਂਤੀ ਦਾ ਜੋ ਵਾਤਾਵਰਣ ਬਣਾਇਆ ਸੀ, ਉਹ ਇਸ ਹਮਲੇ ਨਾਲ ਭੰਗ ਹੋ ਗਿਆ। ਇਸ ਨੇ ਦਿੱਲੀ ਦਰਬਾਰ ਤੋਂ ਸਹਾਇਤਾ ਮੰਗੀ ਪਰ ਉਥੇ ਕੋਈ ਫ਼ੌਜ ਮਦਦ ਲਈ ਨਾ ਪਹੁੰਚੀ। ਜਿੰਨੀ ਫ਼ੌਜ ਸੀ ਉਸ ਨੂੰ ਹੀ ਲੈ ਕੇ ਮੀਰ ਮੰਨੂੰ ਲਾਹੌਰ ਤੋਂ ਇਸ ਮੰਤਵ ਨਾਲ ਅੱਗੇ ਵਧਿਆ ਕਿ ਅਹਿਮਦ ਸ਼ਾਹ ਨੂੰ ਰਸਤੇ ਵਿਚ ਹੀ ਰੋਕ ਲਿਆ ਜਾਵੇ। ਉਸ ਨੇ ਚਨਾਬ ਦਰਿਆ ਦੇ ਕੰਢੇ ਉੱਤੇ ਪਹੁੰਚ ਕੇ ਸੋਧਰਾ ਦੇ ਅਸਥਾਨ ਉਤੇ ਡੇਰਾ ਲਾ ਲਿਆ। ਮੀਰ ਮੰਨੂੰ ਅਤੇ ਅਹਿਮਦ ਸ਼ਾਹ ਦੀਆਂ ਫ਼ੌਜਾਂ ਵਿਚ ਲੜਾਈ ਸ਼ੁਰੂ ਹੋ ਗਈ। ਮੀਰ ਮੰਨੂੰ ਨੇ ਦੁਸ਼ਮਣ ਦੀ ਤਾਕਤ ਦਾ ਅੰਦਾਜ਼ਾ ਲਾਉਂਦੇ ਹੋਏ ਦਿੱਲੀ ਦਰਬਾਰ ਨੂੰ ਆਪਣੀ ਮਦਦ ਕਰਨ ਲਈ ਬੇਨਤੀ ਕੀਤੀ।ਬਾਦਸ਼ਾਹ ਨੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੀ ਗਈ ਮੰਗ ਅਨੁਸਾਰ ਚਾਰ ਮਰਾਲ ਲਗਾਨ ਦੇਣਾ ਪਰਵਾਨ ਕਰ ਲਿਆ ਅਤੇ ਇਸ ਤੇ ਮੀਰ ਮੰਨੂੰ ਨੇ ਗੁਜਰਾਤ, ਸਿਆਲਕੋਟ ਅਤੇ ਔਰੰਗਾਬਾਦ ਦਾ 14 ਲੱਖ ਸਾਲਾਨਾ ਮਾਲੀਆ ਦੇਣਾ ਮੰਨਿਆ। ਇਸ ਉਪਰੰਤ ਅਬਦਾਲੀ ਵਾਪਸ ਪਰਤਣ ਲਈ ਤਿਆਰ ਹੋ ਗਿਆ। ਮੀਰ ਮੰਨੂੰ ਨੇ ਉਸ ਨੂੰ ਇਹ ਯਕੀਨ ਵੀ ਦੁਆਇਆ ਕਿ ਇਹ ਖਰਾਜ ਸਮੇਂ ਅਤੇ ਨਿਯਮ ਅਨੁਸਾਰ ਭੇਜਦਾ ਰਹੇਗਾ।

ਪੰਜਾਬ ਨੂੰ ਇਸ ਮੁਸੀਬਤ ਤੋਂ ਬਚਾਉਣ ਲਈ ਮੀਰ ਮੰਨੂੰ ਦੀ ਬੜੀ ਪ੍ਰਸੰਸਾ ਹੋਈ। ਇਸ ਕਾਰਨ ਦਿੱਲੀ ਦੇ ਦੂਜੇ ਉਮਰਾਵ ਈਰਖਾ ਦੇ ਮਾਰੇ ਇਸ ਵਿਰੁੱਧ ਸਾਜ਼ਸਾਂ ਕਰਨ ਲਗੇ। ਪੰਜਾਬ ਵਿਚ ਅਰਾਜਕਤਾ ਵਾਲੇ ਹਾਲਾਤ ਬਣੇ ਹੋਏ ਸਨ। ਸੰਨ 1750 ਵਿਚ ਮੀਰ ਮੰਨੂੰ ਦੇ ਇਤਬਾਰੀ ਅਫ਼ਸਰ ਨਾਸਰ ਖਾਨ ਜਿਹੜਾ ਚਾਹ ਮਰਾਲ ਦਾ ਇੰਚਾਰਜ ਸੀ, ਨੇ ਦਿੱਲੀ ਦੇ ਵਜ਼ੀਰ ਸਫ਼ਦਰ ਜੰਗ ਜਿਹੜਾ ਕਿ ਮੀਰ ਮੰਨੂੰ ਨਾਲ ਬਹੁਤ ਲਗਦਾ ਸੀ, ਦੀ ਸ਼ੈਅ ਤੇ ਇਸ ਵਿਰੁੱਧ ਬਗ਼ਾਵਤ ਕਰ ਦਿੱਤੀ। ਇੰਨਾ ਹੀ ਨਹੀਂ ਸ਼ਾਹ ਨਵਾਜ਼ ਖ਼ਾਂ ਨੂੰ ਇਹ ਵੀ ਲਾਲਚ ਦਿੱਤਾ ਗਿਆ ਕਿ ਜੇ ਇਹ ਮੁਈਨੁਦੀਨ ਨੂੰ ਹਰਾ ਦੇਵੇਗਾ ਤਾਂ ਲਾਹੌਰ ਦੀ ਸੂਬੇਦਾਰੀ ਵੀ ਉਸ ਨੂੰ ਦੇ ਦਿੱਤੀ ਜਾਵੇਗੀ। ਇਸ ਤੇ ਸ਼ਾਹ ਨਵਾਜ਼ ਨੇ ਮੀਰ ਮੰਨੂੰ ਵਿਰੁੱਧ ਜੰਗੀ ਤਿਆਰੀ ਆਰੰਭ ਕਰ ਦਿੱਤੀ। ਸ਼ਾਹ ਨਵਾਜ਼ ਵੀ ਆਪਣੀ ਫ਼ੌਜ ਲੈ ਕੇ ਮੁਲਤਾਨ ਦੀਆਂ ਹੱਦਾਂ ਵੱਲ ਵਧਿਆ। ਛੇ ਮਹੀਨੇ ਤਕ ਲੜਾਈ ਚਲਦੀ ਰਹੀ। ਕਦੀ ਇਕ ਧਿਰ ਜਿੱਤ ਜਾਂਦੀ ਤੇ ਕਦੀ ਦੂਜੀ। ਅਖ਼ੀਰ ਇਕ ਫ਼ੈਸਲਾਕੁਨ ਲੜਾਈ ਲਈ ਸਿੱਖਾਂ ਦੀ ਮਦਦ ਮੰਗੀ ਗਈ। ਸਿੱਖਾਂ ਨੇ ਕੌੜਾ ਮੱਲ ਦੀ ਇਜ਼ਤ ਕਰਦੇ ਹੋਏ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ 10,000 ਯੋਧਿਆਂ ਨੂੰ ਭੇਜਿਆ। ਲੜਾਈ ਵਿਚ ਸ਼ਾਹ ਨਵਾਜ਼ ਖ਼ਾਂ ਮਾਰਿਆ ਗਿਆ ਅਤੇ ਉਸ ਦਾ ਸਿਰ ਵੱਢ ਕੇ ਲਾਹੌਰ ਲਿਆਂਦਾ ਗਿਆ। ਇਸ ਜਿੱਤ ਕਾਰਨ ਕੌੜਾ ਮੱਲ ਨੂੰ ਮੁਲਤਾਨ ਦੀ ਸੂਬੇਦਾਰੀ ਅਤੇ ‘ਰਾਜੇ’ ਦਾ ਖ਼ਿਤਾਬ ਵੀ ਦਿੱਤਾ ਗਿਆ। 

ਮੀਰ ਮੰਨੂੰ ਦੀ ਤਾਕਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ। ਇਸ ਤੋਂ ਬਾਅਦ ਇਸ ਨੇ ਮਾਝੇ ਤੇ ਦੁਆਬੇ ਦੇ ਇਲਾਕੇ ਸਿੱਖਾਂ ਦੇ ਹਮਲਿਆਂ ਤੋਂ ਸੁਰੱਖਿਅਤ ਕੀਤੇ।

ਸਿੱਖਾਂ ਨਾਲ ਮੀਰ ਮੰਨੂੰ ਦੀ ਸੁਲਾਹ ਆਰਜ਼ੀ ਸੀ। ਅਹਿਮਦ ਸ਼ਾਹ ਅਬਦਾਲੀ ਦੇ ਤੀਸਰੇ ਹਮਲੇ ਤੋਂ ਬਾਅਦ ਮੀਰ ਮੰਨੂੰ ਨੇ ਸਿੱਖਾਂ ਵੱਲ ਆਪਣਾ ਧਿਆਨ ਮੋੜਿਆ। ਸਿੱਖਾਂ ਵਿਰੁੱਧ ਵਰਤੇ ਜਾਣ ਵਾਲੇ ਤੋਪਖ਼ਾਨੇ ਵਿਚ ਗੋਲੀ ਬੰਦੂਕਾਂ ਦੀ ਇਕ ਨਵੀਂ ਕਿਸਮ ਜਿਸ ਦਾ ਨਾਂ ਜਿਜ਼ਾਇਰ ਸੀ, ਬਣਵਾਈ ਅਤੇ ਲਾਹੌਰ ਦੀ ਫ਼ੌਜ ਵਿਚ 900 ਅਜਿਹੇ ਬੰਦੂਕਚੀਆਂ ਦਾ ਦਸਤਾ ਸ਼ਾਮਲ ਕੀਤਾ। ਸਿੰਘਾਂ ਨੂੰ ਵੀ ਸੂਬੇਦਾਰ ਦੀਆਂ ਜੰਗੀ ਤਿਆਰੀਆਂ, ਜਿਜ਼ਾਇਰਾਂ ਦੀ ਤਿਆਰੀ ਅਤੇ ਹੋਰ ਜੰਗੀ ਕਾਰਵਾਈਆਂ ਦੀ ਭਲੀ ਭਾਂਤ ਸੂਹ ਸੀ। ਦੂਜੇ ਪਾਸੇ ਦਸੰਬਰ, 1749 ਵਿਚ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਨੇ ਦੂਜਾ ਹਮਲਾ ਕੀਤਾ ਅਤੇ ਸਿੰਧ ਦਰਿਆ ਟਪ ਕੇ ਅੱਗੇ ਚਨਾਬ ਦੇ ਖੱਬੇ ਕੰਢੇ ਕੋਪਰੇ ਦੇ ਮੁਕਾਮ ਤੇ ਪਹੁੰਚ ਗਿਆ। ਮੀਰ ਮੰਨੂੰ ਮੁਕਾਬਲੇ ਲਈ ਅਗੇ ਵਧਿਆ ਅਤੇ ਆਪਣੀ ਫ਼ੌਜੀ ਤਾਕਤ ਦੀ ਕਮਜ਼ੋਰੀ ਨੂੰ ਭਾਂਪਦੇ ਹੋਏ ਦਿੱਲੀ ਸ਼ਹਿਨਸ਼ਾਹ ਨੂੰ ਮਦਦ ਲਈ ਬੇਨਤੀ ਕੀਤੀ। ਸ਼ਹਿਨਸ਼ਾਹ ਨੇ ਦੁਰਾੱਨੀ ਵੱਲੋਂ ਕੀਤੀ ਗਈ ਮੰਗ ਅਨੁਸਾਰ ਲਗਾਨ ਦੇਣਾ ਪਰਵਾਨ ਕਰ ਲਿਆ ਅਤੇ ਮੁਈਨੁਦੀਨ ਨੇ ਵੀ ਨੂੰ 14 ਲੱਖ ਸਾਲਾਨਾ ਦਾ ਲਗਾਨ ਦੁਰਾਨੀ ਨੂੰ ਦੇ ਕੇ ਉਸ ਤੋਂ ਪਿੱਛਾ ਛੁਡਾਇਆ।

ਮੁਈਨੁਦੀਨ ਦੀ ਲਾਹੌਰ ਤੋਂ ਗ਼ੈਰਹਾਜ਼ਰੀ ਦਾ ਸਿੰਘਾਂ ਨੇ ਪੂਰਾ ਫਾਇਦਾ ਲੈਂਦਿਆ ਹੋਇਆ ਆਪਣੇ ਉੱਤੇ ਇਸ ਵੱਲੋਂ ਕੀਤੇ ਗਏ ਜ਼ੁਲਮ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ।

ਇਸ ਦੇ ਨਾਲ ਹੀ ਇਸ ਨੇ ਅਬਦਾਲੀ ਦਾ ਖਰਾਜ ਰੋਕ ਲਿਆ ਜਿਹੜਾ ਕਿ ਇਸ ਨੇ ਬਾਦਸ਼ਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ। ਖਰਾਜ ਦੇਣ ਤੋਂ ਇਨਕਾਰ ਕਰਨ ਤੇ ਅਹਿਮਦ ਸ਼ਾਹ ਫਿਰ ਪੰਜਾਬ ਆਇਆ। ਉਸ ਨੇ ਚਨਾਬ ਦੇ ਸੱਜੇ ਕੰਢੇ ਪਹੁੰਚ ਕੇ ਆਪਣੇ ਦੀਵਾਨ ਸੁਖਜੀਵਨ ਮੱਲ ਨੂੰ ਲਾਹੌਰ ਦੇ ਗਵਰਨਰ ਪਾਸ ਮਾਲੀਆ ਲੈਣ ਲਈ ਭੇਜਿਆ ਪਰ ਮੀਰ ਮੰਨੂੰ ਨੇ ਮਾਲੀਆ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਪਹਿਲਾਂ ਵੀ ਉਸ ਨੇ ਦਬਾਓ ਹੇਠ ਆ ਕੇ ਇਹ ਸ਼ਰਤ ਮੰਨੀ ਸੀ ਅਤੇ ਹੁਣ ਉਹ ਇਹ ਸ਼ਰਤ ਮੰਨਣ ਤੋਂ ਅਸਮਰਥ ਸੀ ਪਰ ਫੇਰ ਜਦੋਂ ਅਹਿਮਦ ਸ਼ਾਹ ਅਬਦਾਲੀ ਫ਼ੌਜ ਲੈ ਕੇ ਪੰਜਾਬ ਵੱਲ ਆਇਆ ਤਾਂ  ਉਸ ਨੂੰ ਪਿਛਲਾ ਮਾਲੀਆ ਦੇ ਦਿੱਤਾ ਗਿਆ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਉਹ ਆਪਣੀਆਂ ਫ਼ੌਜਾਂ ਵਾਪਸ ਲੈ ਜਾਵੇ ਕਿਉਂਕਿ ਉਸ ਦੇ ਡਰ ਨਾਲ ਜੇ ਭੱਜੇ ਹੋਏ ਜ਼ਿਮੀਂਦਾਰ ਵਾਪਸ ਨਾ ਆਏ ਤਾਂ ਪੈਸਾ ਵਸੂਲ ਕਰਨਾ ਮੁਸ਼ਕਲ ਹੋ ਜਾਵੇਗਾ। ਮੀਰ ਮੰਨੂੰ ਨੂੰ ਇਹ ਪੱਕਾ ਵਿਸ਼ਵਾਸ਼ ਸੀ ਕਿ ਉਸ ਨੇ ਜੋ ਉੱਤਰ ਭੇਜਿਆ ਸੀ ਉਹ ਤਸੱਲੀਬਖ਼ਸ਼ ਨਹੀਂ ਸੀ। ਇਸ ਲਈ ਇਹ ਫ਼ੌਜ ਲੈ ਕੇ ਸੁਖਜੀਵਨ ਮੱਲ ਦੇ ਮਗਰ ਦੁਸ਼ਮਣ ਨਾਲ ਟੱਕਰ ਲੈਣ ਲਈ ਤਿਆਰੀ ਕਰ ਕੇ ਪਹੁੰਚ ਗਿਆ। ਇਸਨੇ ਰਾਜਾ ਕੌੜਾ ਮੱਲ ਅਤੇ ਅਦੀਨਾ ਬੇਗ (ਗਵਰਨਰ ਜਲੰਧਰ) ਨੂੰ ਵੀ ਆਪਣੀਆਂ ਫ਼ੌਜਾਂ ਸਮੇਤ ਆਪਣੀ ਮਦਦ ਲਈ ਬੁਲਾਵਾ ਭੇਜਿਆ ਪਰ ਅਹਿਮਦ ਸ਼ਾਹ ਲੜਾਈ ਕੀਤੇ ਬਗ਼ੈਰ ਚਨਾਬ ਪਾਰ ਕਰ ਗਿਆ ਅਤੇ ਰਾਵੀ ਵੱਲ ਰਵਾਨਾ ਹੋ ਕੇ ਸ਼ਾਹਦਰੇ ਦੇ ਆਸ ਪਾਰ ਡੇਰਾ ਲਾ ਦਿੱਤਾ। ਮੀਰ ਮੰਨੂੰ ਨੇ ਵੀ ਬਹੁਤ ਸਾਰੀ ਫ਼ੌਜ ਸਮੇਤ ਰਾਵੀ ਦਰਿਆ ਪਾਰ ਕੇ ਕੇ ਅਬਦਾਲੀ ਦੇ ਡੇਰੇ ਦੇ ਸਾਹਮਣੇ ਆਪਣਾ ਕੈਂਪ ਲਾ ਦਿੱਤਾ। ਇਥੇ ਇਸ ਨੇ ਮੋਰਚਾਬੰਦੀ ਕਰ ਲਈ। ਕਈ ਦਿਨ ਤਕ ਦੋਵਾਂ ਧਿਰਾਂ ਵਿਚ ਛੋਟੀ ਮੋਟੀ ਝੜਪ ਹੁੰਦੀ ਰਹੀ ਪਰ ਹਾਰ ਜਿੱਤ ਵਾਲੀ ਲੜਾਈ ਨਾ  ਹੋਈ। ਅੰਤ ਬਾਦਸ਼ਾਹ ਦੀ ਫ਼ੌਜ ਨੇ ਅਚਾਨਕ ਆਪਣਾ ਕੈਂਪ ਤੋੜ ਕੇ ਦਰਿਆ ਨੂੰ ਪੂਰਬ ਵੱਲੋਂ ਪਾਰ ਕਰ ਕੇ ਲਾਹੌਰ ਉੱਤੇ ਹਮਲਾ ਕਰ ਦਿੱਤਾ। ਇਹ ਦੇਖ ਕੇ ਮੀਰ ਮੰਨੂੰ ਘਬਰਾ ਕੇ ਵਾਪਸ ਸ਼ਹਿਰ ਵਿਚ ਆ ਗਿਆ ਅਤੇ ਸਾਰੇ ਗਲੀ ਮੁਹੱਲੇ ਮੋਰਚੇਬੰਦ ਕਰ ਲਏ। ਇਸ ਤਿਆਰੀ ਉਪਰੰਤ ਹਰ ਰੋਜ਼ ਦੋਵਾਂ ਧਿਰਾਂ ਵਿਚ ਛੋਟੀਆਂ ਛੋਟੀਆਂ ਝੜਪਾਂ ਹੋ ਜਾਂਦੀਆਂ। ਪੂਰੇ ਚਾਰ ਮਹੀਨੇ ਤਕ ਮੀਰ ਮੰਨੂੰ ਬੜੀ ਵੀਰਤਾ ਨਾਲ ਆਪਣੀ ਪੁਜ਼ੀਸ਼ਨ ਉੱਤੇ ਡਟਿਆ ਰਿਹਾ। ਇਸ ਦੌਰਾਨ ਹਮਲਾਵਰਾਂ ਨੇ ਸ਼ਹਿਰ ਨੂੰ ਜਿੱਤਣ ਦੇ ਜਿੰਨੇ ਹੀਲੇ ਕੀਤੇ, ਉਹ ਸਾਰੇ ਅਸਫ਼ਲ ਬਣਾ ਦਿੱਤੇ ਗਏ। ਅੰਤ ਵਿਚ ਅਹਿਮਦ ਸ਼ਾਹ ਨੇ ਮੀਰ ਮੰਨੂੰ ਦੀਆਂ ਮੋਰਚਾਬੰਦ ਫ਼ੌਜਾਂ ਲਈ ਰਸਦ ਦਾ ਸਾਮਾਨ ਬੰਦ ਕਰ ਦਿੱਤਾ। ਅਜਿਹਾ ਕਰਨ ਨਾਲ ਫ਼ੌਜੀ ਕੈਂਪ ਵਿਚ ਚੀਜ਼ਾਂ ਦਾ ਕਾਲ ਪੈ ਗਿਆ। ਕੁਝ ਸਮੇਂ ਬਾਅਦ ਇਹ ਕਾਲ ਇੰਨਾ ਭਿਆਨਕ ਹੋ ਗਿਆ ਕਿ ਘੋੜਿਆਂ ਨੂੰ ਮਕਾਨਾਂ ਦੇ ਛੱਪਰ ਦਾ ਘਾਹ ਫੂਸ ਕਟ-ਕਟ ਕੇ ਚਾਰੇ ਵਜੋਂ ਪਾਇਆ। ਫ਼ੌਜ ਲਈ ਵੀ ਖਾਣਾ ਦਾਣਾ ਅੰਦਰ ਉੱਕਾ ਹੀ ਖ਼ਤਮ ਹੋ ਗਿਆ। ਇਹ ਦਸ਼ਾ ਦੇਖ ਕੇ ਮੀਰ ਮੰਨੂੰ ਨੂੰ ਬਹੁਤ ਘਬਰਾਹਟ ਹੋਈ ਅਤੇ ਇਕ ਜੰਗੀ ਕੌਂਸਲ ਬੁਲਾਈ ਗਈ ਜਿਸ ਵਿਚ ਰਾਜਾ ਕੌੜਾ ਮੱਲ, ਅਦੀਨਾ ਬੇਗ ਅਤੇ ਦੂਜੇ ਉਮਰਾਵ ਸ਼ਾਮਲ ਹੋਏ। ਸਭ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਹੋਰ ਰੁਕਣਾ ਮੁਸ਼ਕਿਲ ਹੈ। ਇਸ ਲਈ ਘਿਰੇ ਹੋਏ ਅਸਥਾਨ ਤੋਂ ਹੀ ਹਮਲਾ ਕਰ ਦਿੱਤਾ ਜਾਵੇ ਪਰ ਰਾਜਾ ਕੌੜਾ ਮੱਲ ਦੀ ਇਹ ਸਲਾਹ ਸੀ ਕਿ ਹਿੰਦੀ ਫ਼ੌਜਾਂ ਅਫਗਾਨਾਂ ਦਾ ਟਾਕਰਾ ਖੁਲ੍ਹੇ ਮੈਦਾਨ ਨਹੀਂ ਕਰ ਸਕਦੀਆਂ। ਇਸ ਲਈ ਇਸ ਤਰ੍ਹਾਂ ਦੀ ਲੜਾਈ ਕਰਨੀ ਪਾਗ਼ਲਪਨ ਸੀ। ਉਸ ਦਾ ਕਹਿਣਾ ਸੀ ਕਿ ਗਰਮੀ ਦੀ ਰੁੱਤ ਆਉਣ ਤੇ ਅਬਦਾਲੀ ਵੀ ਅਫ਼ਗਾਨ ਫ਼ੌਜ ਗਰਮੀ ਸਹਾਰਨੋਂ ਅਸਮਰਥ ਹੋ ਜਾਏਗੀ। ਅਜਿਹੀ ਦਸ਼ਾ ਵਿਚ ਜਾਂ ਉਹ ਘੇਰਾ ਚੁੱਕ ਲੈਣਗੇ ਜਾਂ ਫਿਰ ਮੋਰਚੇਬੰਦ ਫ਼ੌਜ ਉੱਤੇ ਹਮਲਾ ਕਰਨ ਲਈ ਮਜ਼ਬੂਰ ਹੋ ਜਾਣਗੇ। ਚਾਰੇ ਅਤੇ ਅਨਾਜ ਦੀ ਤੰਗੀ ਅਫ਼ਗਾਨ ਫ਼ੌਜ ਲਈ ਉੰਨੀ ਹੀ ਕਸ਼ਟਕਾਰੀ ਹੋਵੇਗੀ ਜਿੰਨੀ ਕਿ ਹਿੰਦੀ ਫ਼ੌਜਾਂ ਲਈ ਸੀ। ਉਸ ਸਮੇਂ ਦੇ ਹਾਲਤ ਅਨੁਸਾਰ ਇਹ ਇਕ ਅਦੁੱਤੀ ਯੋਜਨਾ ਸੀ ਪਰ ਹਿੰਦੀ ਫ਼ੌਜ ਦੇ ਸਬਰ ਦਾ ਕਟੋਰਾ ਭਰ ਚੁੱਕਾ ਸੀ। ਇਸ ਲਈ ਇਸ ਤਜਰਬੇਕਾਰ ਦੀ ਸੂਝ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਨੇ 12 ਅਪ੍ਰੈਲ, 1752 ਨੂੰ ਪਿੰਡ ਮਹਿਮੂਦ ਬੂਟੀ ਦੇ ਇਕ ਪੁਰਾਣੇ ਇੱਟਾਂ ਦੇ ਭੱਠੇ ਦੀ ਉਚਾਣ ਉੱਤੇ ਆਪਣੀ ਪੁਜ਼ੀਸ਼ਨ ਲਈ। ਅਬਦਾਲੀ ਬਾਦਸ਼ਾਹ ਆਪਣੀ ਘੁੜਸਵਾਰ ਫ਼ੌਜ ਲੈ ਕੇ ਤੁਰੰਤ ਅਗੇ ਵਧਿਆ। ਉਸ ਦੀ ਫ਼ੌਜ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਘਮਸਾਨ ਦੀ ਲੜਾਈ ਹੋਈ। ਮੀਰ ਮੰਨੂੰ ਦੀ ਫ਼ੌਜ ਦੇ ਪੈਰ ਉਖੜ ਗਏ। ਰਾਜਾ ਕੌੜਾ ਮੱਲ ਉਸ ਦੀ ਸਹਾਇਤਾ ਲਈ ਫ਼ੌਜ ਲੈ ਕੇ ਪਹੁੰਚਿਆ। ਇਸ ਦੀ ਫ਼ੌਜ ਇੰਨੀ ਵੀਰਤਾ ਨਾਲ ਲੜੀ ਕਿ ਇਨ੍ਹਾਂ ਦੀ ਜਿੱਤ ਦੇ ਆਸਾਰ ਨਜ਼ਰ ਆਉਣ ਲਗੇ ਪਰ ਕੁਝ ਹੀ ਦੇਰ ਬਾਅਦ ਰਾਜੇ ਦੇ ਹਾਥੀ ਦਾ ਇਕ ਪੈਰ ਕਿਸੇ ਪੁਰਾਣੀ ਕਬਰ ਵਿਚ ਧਸ ਗਿਆ। ਅਜੇ ਇਹ ਪੈਰ ਕੱਢਿਆ ਹੀ ਜਾ ਰਿਹਾ ਸੀ ਕਿ ਦੁਸ਼ਮਣ ਦੇ ਇਕ ਘੁੜਸਵਾਰ ਨੇ ਆ ਕੇ ਦੀਵਾਨ ਕੌੜਾ ਮੱਲ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਇਸ ਤਰ੍ਹਾਂ ਮੀਰ ਮੰਨੂੰ ਨੂੰ ਕਰਾਰੀ ਹਾਰ ਹੋਈ ਅਤੇ ਇਸ ਨੇ ਸ਼ਾਹ ਦੀ ਤਾਬੇਦਾਰੀ ਮੰਨ ਲਈ। ਅਬਦਾਲੀ ਨੇ ਮੀਰ ਮੰਨੂੰ ਦਾ ਉਸ ਦੀ ਸ਼ਾਨ ਤੇ ਪਦਵੀ ਦੇ ਅਨੁਸਾਰ ਸੁਆਗਤ ਕੀਤਾ ਅਤੇ ਉਸ ਦੀ ਦਲੇਰੀ ਅਤੇ ਬਹਾਦਰੀ ਦੀ ਬੜੀ ਪ੍ਰਸੰਸਾ ਕੀਤੀ। ਜਦੋਂ ਮੀਰ ਮੰਨੂੰ ਨੂੰ ਪੁਛਿਆ ਗਿਆ ਕਿ ਉਸ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਉਸ ਨੇ ਬੜੀ ਬਹਾਦਰੀ ਨਾਲ ਉੱਤਰ ਦਿੱਤਾ ਕਿ ਜੇ ਉਹ ਸੌਦਾਗਰ ਹੈ ਤਾਂ ਇਸ ਨੂੰ ਵੇਚ ਦੇਵੇ, ਜੇ ਜ਼ਾਲਮ ਹੈ ਤਾਂ ਇਸ ਦਾ ਸਿਰ ਕਲਮ ਕਰ ਦੇਵੇ ਅਤੇ ਜੇ ਬਾਦਸ਼ਾਹ ਹੈ ਤਾਂ ਇਸ ਦਾ ਸਿਰ ਕਲਮ ਕਰ ਦੇਵੇ ਅਤੇ ਜੇ ਬਾਦਸ਼ਾਹ ਹੈ ਤਾਂ ਸ਼ਾਹਾਨਾ ਸਖ਼ਾਵਤ ਤੋਂ ਕੰਮ ਲੈ ਕੇ ਇਸ ਨੂੰ ਛੱਡ ਦੇਵੇ। ਬਾਦਸ਼ਾਹ ਇਸ ਦੀ ਬੇਬਾਕ ਦਲੇਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ‘ਫਰਜ਼ੰਦ ਖ਼ਾਂ ਬਹਾਦਰ ਰੁਸਤਮਿ ਹਿੰਦ’ ਦੇ ਉਪਨਾਮ ਨਾਲ ਸਨਮਾਨਿਤ ਕੀਤਾ। ਆਪਣੇ ਸਾਰੇ ਰਾਜ ਕਾਲ ਵਿਚ ਮੀਰ ਮੰਨੂੰ ਨੇ ਸਿੱਖਾਂ ਉੱਤੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਪਰ ਸਿਦਕੀ ਸਿੱਖ ਸਦਾ ਚੜ੍ਹਦੀਕਲਾ ਵਿਚ ਰਹੇ। ਉਨ੍ਹਾਂ ਅਨੁਸਾਰ ਉਹ ਇਹ ਜ਼ੁਲਮ ਸਹਾਰ ਕੇ ਹੋਰ ਵੀ ਪ੍ਰਫੁਲਤ ਹੋ ਰਹੇ ਸਨ-

  ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, 

  ਜਿਉਂ ਜਿਉਂ ਮਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ। 

ਸੰਨ 1756 ਵਿਚ ਸ਼ਿਕਾਰ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਮੀਰ ਮੰਨੂੰ ਦੀ ਮੌਤ ਹੋ ਗਈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-10-29-50, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਇ. -ਲਤੀਫ : : 239; ਹਿ. ਸਿ. -ਗੁਪਤਾ : 98

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.